ਸ੍ਰੀਵਾਹਿਗੁਰੂਜੀਕੀਫਤਹ

Showing posts with label ਗੁਰੂ ਗੋਬਿੰਦ ਸਿੰਘ. Show all posts
Showing posts with label ਗੁਰੂ ਗੋਬਿੰਦ ਸਿੰਘ. Show all posts

Wednesday, 30 January 2013

ਅਕਾਲ ਪੁਰਖ ਕੀ ਫੌਜ


ਸਾਹਿਬ ਏ ਕਮਾਲ, ਸਰਬੰਸਦਾਨੀ, ਅੰਮ੍ਰਿਤ ਕੇ ਦਾਤੇ, ਗੁਰਬਾਣੀ ਕੇ ਬੋਹਿਥ ਦੁਸਟ ਦਮਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਜੀ ਨਿਵਾਜੀ ਖ਼ਾਲਸਾ ਫੌਜ ਅੰਮ੍ਰਿਤਧਾਰੀ ਨੀਲੇ ਬਾਣਿਆਂ, ਤੇੜ ਗੋਡਿਆਂ ਤੱਕ ਕਛਹਿਰੇ, ਗਲਾਂ ਚ ਗਾਤਰੇ ਪਹਿਨੀਆਂ ਤੇਗਾਂ, ਪਿੱਠਾਂ ਤੇ ਢਾਲਾਂ, ਸੀਸ ਤੇ ਗੋਲ ਦੁਮਾਲਿਆਂ ਉੱਪਰ ਫ਼ਰਲਿਆਂ ਵਾਲੇ, ਲੋਹੇ ਦੇ ਚੱਕਰਾਂ ਨਾਲ ਸਜੀਆਂ ਦਸਤਾਰਾਂ ਵਾਲੀ, ਪੈਰਾਂ ਚ ਰਕਾਬਾਂ, ਘੋੜਿਆਂ ਦੀਆਂ ਕਾਠੀਆਂ ਤੇ ਬੈਠੇ, ਹਮੇਸ਼ਾਂ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਵਾਲੀ ਫੌਜ ਨੂੰ ਸਾਹਿਬ ਨੇ ਅਕਾਲ ਪੁਰਖ ਕੀ ਫੌਜ ਦਾ ਨਾਮ ਦੇ ਕੇ ਨਿਵਾਜਿਆ ਅਤੇ ਹਰ ਫੌਜੀ ਜਵਾਨ ਦੇ ਨਾਮ ਨਾਲ "ਨਿਹੰਗ ਸਿੰਘ" ਸ਼ਬਦ ਜੋੜ ਦਿੱਤਾ।


ਨਿਹੰਗ ਸ਼ਬਦ ਸੰਸਕ੍ਰਿਤ ਦੇ ਸ਼ਬਦ ਨਿਹਸ਼ੰਕ ਤੋ ਆਇਆ ਹੈ ਜਿਸ ਦਾ ਮਤਲਬ ਬਹਾਦਰ, ਦਲੇਰ, ਨਿਡਰ, ਉਹ ਜਿਸ ਨੂੰ ਮੌਤ ਦਾ ਖੌਫ਼ ਨਾ ਹੋਵੇ।

ਇਸੇ ਤਰਾਂ ਨਿਹੰਗ ਫ਼ਾਰਸੀ ਭਾਸ਼ਾ ਦਾ ਵੀ ਸ਼ਬਦ ਹੈ ਜਿਸ ਦੇ ਅਰਥ ਹਨ ਖੜਗ, ਤਲਵਾਰ, ਕਲਮ ਲੇਖਣੀ, ਮੱਗਰਮੱਛ, ਘੜਿਆਲ, ਘੋੜਾ, ਆਤਮ ਗਿਆਨੀ, ਜਿਸ ਨੂੰ ਮੌਤ ਦੀ ਬਿਲਕੁਲ ਵੀ ਚਿੰਤਾ ਨਾ ਹੋਵੇ।

ਨਿਹੰਗ ਸਿੰਘਾਂ ਦਾ ਜੀਵਨ ਇਕ ਕਠਿਨ ਤਪੱਸਿਆ ਤੋਂ ਘੱਟ ਨਹੀਂ ਹੁੰਦਾ। ਭਾਵੇਂ ਮੌਸਮ ਕਿਸੇ ਤਰ੍ਹਾਂ ਦਾ ਵੀ ਹੋਵੇ, ਇਹ ਜਦੋਂ ਰਵਾਨਾ ਹੋਣ ਦੀ ਅਰਦਾਸ ਕਰ ਲੈਂਦੇ ਹਨ ਤਾਂ ਫਿਰ ਕਿਸੇ ਵੀ ਹਾਲਤ ਵਿਚ ਰੁਕਦੇ ਨਹੀਂ। ਹਰ ਦੂਜੇ, ਚੌਥੇ ਦਿਨ ਸਥਾਨ (ਪੜਾਅ) ਬਦਲਣਾ, ਹਰੇਕ ਪੜਾਅ ’ਤੇ ਜਾ ਕੇ ਆਪਣਾ ਨਵਾਂ ਲੋਹ-ਲੰਗਰ ਤਿਆਰ ਕਰਨਾ, ਆਪਣੇ ਨਿਤਨੇਮ ਜਾਂ ਰਹਿਤ-ਬਹਿਤ ਵਿਚ ਛੋਟੀ ਜਿਹੀ ਭੁੱਲ ਹੋਣ ’ਤੇ ਵੀ ਤਨਖਾਹ ਲਵਾਉਣਾ ਇਨ੍ਹਾਂ ਦੇ ਜੀਵਨ ਵਿਚ ਸ਼ਾਮਲ ਹੈ।

ਆਓ ਆਪਾਂ ਸਭ ਮਹਾਰਾਜ ਦੀਆਂ ਫੌਜਾਂ ਨੂੰ ਈਰਖਾ ਭਰੀਆਂ ਨਜ਼ਰਾਂ ਨਾਲ ਦੇਖਣ ਦੀ ਥਾਂ ਪਿਆਰ ਨਾਲ ਮਿਲੀਏ। ਭੰਗ ਪੀਣੇ, ਬੱਕਰੇ ਖਾਣੇ ਆਦਿ ਕੋਝੇ ਸ਼ਬਦਾਂ ਦੀ ਵਰਤੋਂ ਨਾਂ ਕਰਦਿਆਂ ਹੋਇਆਂ ਨਿੰਦਿਆ ਤੋਂ ਬਚੀਏ ਅਤੇ ਉਹਨਾਂ ਦੇ ਗੁਣਾਂ ਤੋਂ ਉਹਨਾਂ ਦੀ ਰਹਿਤ ਮਰਿਆਦਾ ਬਾਣੀ ਬਾਣੇ ਤੋਂ ਸੇਧ ਲਈਏ ਅਤੇ ਆਪਣਾ ਜੀਵਨ ਸੁਧਾਰੀਏ।

ਆਓ ਇੱਕ ਵਾਰੀ ਸਭ ਮਿਲ ਕੇ ਜੈਕਾਰਾ ਗਜਾਈਏ...

ਖੁਸ਼ੀਆਂ ਦਾ ਜੈਕਾਰਾ ਗਜਾਵੇ..
ਨਿਹਾਲਾ ਹੋ ਜਾਵੇ..
ਫਤਹਿ ਪਾਵੇ..
ਮਹਾਰਾਜ ਦੀਆਂ ਨੀਲੀਆਂ ਫੌਜਾਂ ਦੇ ਮਨ ਨੂੰ ਭਾਵਵਵਵਵਵੇ...

ਸੱਤ ਸ੍ਰੀ ਅਕਾਲਲਲਲਲਲਲ.